Latest News
Call Us for Membership
+91-96530-81481

ਬੰਦੀਛੋੜ ਪੁਰਬ ਨੂੰ ਦੀਵਾਲੀ ਨਾਲੋਂ ਨਿਖੇੜ ਕੇ ਮਨਾਉਣਾ ਜ਼ਰੂਰੀ

ਬਠਿੰਡਾ 6 ਨਵੰਬਰ (ਕ੍ਰਿਪਾਲ ਸਿੰਘ) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਵੱਲੋਂ ਗਵਾਲੀਅਰ ਦੇ ਕਿਲੇ ਚੋਂ ਆਪਣੇ ਸਮੇਤ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਾਉਣ ਉਪਰੰਤ ਸ੍ਰੀ ਅੰਮ੍ਰਿਤਸਰ ਪਹੁੰਚਣ ਦੇ ਖੁਸ਼ੀਆਂ ਭਰੇ ਦਿਹਾੜੇ ‘ਬੰਦੀਛੋੜ ਪੁਰਬ’ ਨੂੰ ਨਿਆਰਾ ਰੂਪ ਦੇਣ ਲਈ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ ਦੀਵਾਲੀ ਨਾਲੋਂ ਨਿਖੇੜ ਕੇ ਮਨਾਉਣਾ ਅਤਿਅੰਤ ਜਰੂਰੀ ਹੈ।

ਹੁਣ ਤਾਂ ਅਸੀਂ ਬੰਦੀਛੋੜ ਪੁਰਬ ਦੇ ਬਹਾਨੇ ਹਿੰਦੂ ਤਿਉਹਾਰ ਦੀਵਾਲੀ ਹੀ ਮਨਾਈ ਜਾ ਰਹੇ ਹਾਂ । ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਲਫ਼ਜ਼ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੇ ਉਸ ਬਿਆਨ ਦੇ ਪ੍ਰਤੀਕਰਮ ਵਜੋਂ ਕਹੇ, ਜਿਸ ਰਾਹੀਂ ਜਥੇਦਾਰ ਜੀ ਨੇ ਦਰਸ਼ਨੀ ਡਿਓਢੀ ਦੀ ਫਸੀਲ ਤੋਂ ਦੀਵਾਲੀ ਦੇ ਦਿਹਾੜੇ ਅਫਸੋਸ ਪ੍ਰਗਟ ਕੀਤਾ ਸੀ ਕਿ “ਅਸੀਂ ਬੰਦੀਛੋੜ ਪੁਰਬ ਨੂੰ ਨਿਆਰਾ ਰੂਪ ਨਹੀਂ ਦੇ ਸਕੇ । ਕਿਉਂਕਿ, ਇਹ ਦਿਹਾੜਾ ਨਸ਼ੇ ਕਰਨ, ਜੂਆ ਖੇਡਣ ਅਤੇ ਬਰੂਦ ਫੂਕਣ ਦਾ ਦਿਨ ਬਣ ਗਿਆ ਹੈ । ਜਦੋਂ ਕਿ ਇਹ ਤਿੰਨੇ ਕੰਮ ਗੁਰਮਤਿ ਤੋਂ ਉੱਲਟ ਹਨ” ।

ਗਿਆਨੀ ਜਾਚਕ ਨੇ ਕਿਹਾ ਕਿ ਜੇਕਰ ਜਥੇਦਾਰ ਜੀ ਇਸ ਪੱਖੋਂ ਸਚੁਮੱਚ ਚਿੰਤਾਤੁਰ ਹਨ ਤਾਂ ਉਨ੍ਹਾਂ ਨੂੰ ਈਮਾਨਦਾਰੀ ਨਾਲ ਯਤਨ ਕਰਕੇ ਮਿਲਗੋਭਾ ਬਣ ਚੁੱਕੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਸੁਧਾਰਦਿਆਂ ਬੰਦੀਛੋੜ ਪੁਰਬ ਦਾ ਨਿਵੇਕਲਾ ਦਿਹਾੜਾ ਨਿਸ਼ਚਤ ਕਰਵਾਉਣਾ ਚਾਹੀਦਾ ਹੈ। ਕਿਉਂਕਿ, ਸਮਕਾਲੀ ਤੇ ਭਰੋਸੇਯੋਗ ਇਤਿਹਾਸਕ ਸੋਮੇ ਭੱਟ ਵੱਹੀਆਂ ਅਨੁਸਾਰ ਛੇਵੇਂ ਪਾਤਸ਼ਾਹ ਦਾ ਸ੍ਰੀ ਅੰਮ੍ਰਿਤਸਰ ਆਗਮਨ ਪਹਿਲੀ ਮਾਘ ਸੰਮਤ 1677 ਮੁਤਾਬਿਕ ਸੰਨ 1620 ਦਾ ਹੈ । ਜੀਂਦ ਪਰਗਣੇ ਦੀ ਭੱਟ ਵਹੀ ਤਲਾਉਂਡਾ ਵਿੱਚ ਇੱਕ ਇੰਦਰਾਜ ਇਉਂ ਮਿਲਦਾ ਹੈ : ਗੁਰੂ ਹਰਿਗੋਬਿੰਦ ਜੀ ਮਹਲ ਛਟਾ, ਬੇਟਾ ਗੁਰੂ ਅਰਜਨ ਜੀ ਕਾ, ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚਕ ਪਰਗਣਾ ਨਿਝਰਆਲਾ ਆਏ ।…… ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਨ ਦੀਪਮਾਲਾ ਕੀ ਗਈ ।

ਇਸ ਇਤਿਹਾਸਕ ਹਵਾਲੇ ਤੋਂ ਸਪਸ਼ਟ ਹੈ, ਕਿ ਜਦੋਂ ਸ੍ਰੀ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ ; ਉਹ ਦਿਨ ਹਿੰਦੂਆਂ ਦੇ ਮਿਥਿਹਾਸਕ ਦੀਵਾਲੀ ਤਿਉਹਾਰ ਦਾ ਨਹੀਂ ਸੀ । ਸਿੱਖ ਕੌਮ ਦੀ ਅਜ਼ਾਦ ਤੇ ਨਿਆਰੀ ਹਸਤੀ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਅਜਿਹੀ ਸੋਧ ਕਰਨੀ ਅਤਿਅੰਤ ਹੀ ਲਾਜ਼ਮੀ ਹੈ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females