Latest News
Call Us for Membership
+91-96530-81481

ਗੁਰ ਕੀ ਸੇਵਾ ਸਬਦੁ ਵੀਚਾਰ ॥ ਹਉਮੈ ਮਾਰੇ ਕਰਣੀ ਸਾਰ ॥

ਗੁਰ ਕੀ ਸੇਵਾ ਸਬਦੁ ਵੀਚਾਰ ॥ ਹਉਮੈ ਮਾਰੇ ਕਰਣੀ ਸਾਰ ॥
‘ਸੇਵਾ’ ਸਿੱਖ ਕੌਮ ਦਾ ਅਤੁੱਟ ਅੰਗ ਹੈ । ਸਾਨੂੰ ਭਾਈ ਮਰਦਾਨ ਜੀ ਤੋਂ ਭਾਈ ਘਨ੍ਹਈਆ ਜੀ ਤੱਕ ਅਤੇ ਭਾਈ ਘਨ੍ਹਈਆ ਜੀ ਤੋਂ ਵਰਤਮਾਨ ਸਮੇਂ ਤੱਕ ਸੇਵਾ ਦੀਆਂ ਅਨੇਕਾਂ ਉਦਾਹਰਣਾ ਮਿਲ ਜਾਣਗੀਆਂ ।
ਜਦੋਂ ਵੀ ਸਾਡੀ ਜੁਬਾਨ ਤੇ ‘ਸੇਵਾ’ ਲਫਜ਼ ਦਾ ਜ਼ਿਕਰ ਆਉਂਦਾ ਹੈ ਤਾਂ ਸਾਡੀਆਂ ਅੱਖਾਂ ਸਾਹਮਣੇ ਭਾਈ ਘਨ੍ਹਈਆ ਜੀ ਦੀ ਜੰਗ ਦੇ ਮੈਦਾਨ ਵਾਲੀ ਸੇਵਾ ਦਾ ਦ੍ਰਿਸ਼ ਤੇ ਭਗਤ ਪੂਰਨ ਸਿੰਘ ਜੀ ਦਾ ਸੇਵਾ ਦਾ ਦ੍ਰਿਸ਼ ਸਹਿਜ-ਸੁਭਾਏ ਹੀ ਨਜ਼ਰੀ ਆ ਜਾਂਦਾ ਹੈ ਜੋ ਕਿ ਸਾਡੇ ਪ੍ਰੇਰਣਾ ਸਰੋਤ ਹਨ । ਪਰ ਇਕ ਸੁਆਲ ਹੋਰ ਖੜ੍ਹਾ ਹੁੰਦਾ ਹੈ ਕਿ ਕੀ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਵਿਚਰਨ ਵਾਲੇ ਵਿਧਵਾਨਾਂ ਦੀਆਂ ਸੇਵਾਵਾਂ ਘੱਟ ਹਨ ਜਾਂ ਜਰੂਰੀ ਨਹੀਂ ਹਨ ? ਪਰ ਨਹੀਂ ਕਿਧਰੇ ਨਾ ਕਿਧਰੇ ਸਾਡੇ ਮਨ ਵਿਚ ਸੁਤੇ-ਸਿਧ ਇਹ ਧਾਰਨਾਂ ਬਣ ਚੁੱਕੀ ਹੈ ਕਿ ਬੀਮਾਰਾਂ ਨੂੰ ਦਵਾਈ ਦੇਣਾ, ਲੰਗਰ ਪਕਾਉਣਾ, ਜਲ ਦੀ ਸੇਵਾ ਕਰਨਾਂ, ਜੋੜੇ ਝਾੜ੍ਹਣਾ ਹੀ ਅਸਲ ਹੈ । ਇਹ ਸੇਵਾ ਵੀ ਮੁਬਾਰਕ ਹੈ । ਜਰੂਰੀ ਵੀ ਹੈ ਅਤੇ ਹਰ ਇਕ ਸਿੱਖ ਨੂੰ ਹਰ ਹੀਲੇ ਕਰਣੀ ਵੀ ਚਾਹੀਦੀ ਹੈ । ਪਰ ਇਕ ਹੋਰ ਸੇਵਾ, ਜਿਸ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦੇਂਦੇ ਜਾਂ ਜਾਣ ਬੁਝ ਕੇ ਅਵੇਸਲੇ ਬਣੇ ਬੈਠੇ ਹਾਂ । ਉਸ ਸੇਵਾ ਦਾ ਨਾਮ ਹੈ ‘ਸ਼ਬਦ ਵੀਚਾਰ’ । ਜਿਥੇ ਬਾਕੀ ਸੇਵਾਵਾਂ ਜਰੂਰੀ ਹਨ ਉਥੇ ਇਸ ਸੇਵਾ ਦਾ ਵੀ ਸਿੱਖ ਕੌਮ ਵਿਚ ਅਹਿਮ ਸਥਾਨ ਹੈ । ਸਤਿਗੁਰੂ ਜੀ ਫੁਰਮਾਨ ਕਰਦੇ ਹਨ ‘ਗੁਰ ਕੀ ਸੇਵਾ ਸ਼ਬਦ ਵੀਚਾਰ’ ਭਾਵ ਗੁਰੂ ਦੀ ਸੇਵਾ ਹੈ ਗਿਆਨ ਲੈਣਾ ਅਤੇ ਇਸ ਨੂੰ ਵੰਡਣਾ । ਫਿਰ ਕੀ ਗੁਰੂ ਦੀ ਸੇਵਾ ਪਾਲਕੀ ਦੇ ਪੀੜ੍ਹੇ ਘੁਟਣਾ ਨਹੀਂ ? ਸੁੰਦਰ ਰੁਮਾਲੇ ਅਤੇ ਚੰਦੋਏ ਚੜ੍ਹਾਉਣਾ ਵੀ ਨਹੀਂ ? ਮਹਿੰਗੇ ਅਤਰ ਛਿੜਕਣਾ, ਲੰਗਰ ਲਗਾਉਣਾ, ਵੀ ਸੇਵਾ ਨਹੀਂ ? ਜੇ ਇਮਾਰਤਾਂ ਨੂੰ ਸੋਨਾ ਤੇ ਪੱਥਰ ਲਗਾਉਣਾ ਵੀ ਸੇਵਾ ਨਹੀਂ ਤਾਂ ਫੇਰ ਕਿਹੜੀ ਸੇਵਾ ਕਰੀਏ ? ਸਤਿਗੁਰ ਜੀ ਫੁਰਮਾਨ ਕਰਦੇ ਹਨ ਕਿ ‘ਸੇਵਕ ਕਉ ਸੇਵਾ ਬਨਿ ਆਈ ॥ ਹੁਕਮ ਬੂਝਿ ਪਰਮ ਪਦ ਪਾਈ ॥’ ਭਾਵ ਕਿ ਗੁਰੁ ਕਾ ਹੁਕਮ ਬੁਝਣਾ ਜਾਂ ਸਮਝਣਾ /ਕਮਾਉਣਾ ਹੀ ਸੇਵਕ ਲਈ ਸੇਵਾ ਹੈ ।
ਅਸੀਂ ਬਾਕੀ ਸੇਵਾਵਾਂ ਨਾਲੋਂ ਇਸ ਸੇਵਾ ਨੂੰ ਪਿਛੇ ਛੱਡ ਦਿੱਤਾ ਹੈ । ਜੇਕਰ ਅਸੀਂ ਗੁਰਬਾਣੀ ਦੀ ਵੀਚਾਰ ਕਰਨ ਦੀ ਸੇਵਾ ਸ਼ੁਰੂ ਕਰ ਦੇਵਾਂਗੇ ਤਾਂ ਜਿਥੇ ਸਾਡੇ ਮਾਨਸਿਕ ਰੋਗ ਦੂਰ ਜਾਣਗੇ ਉਥੇ ਸਾਡੇ ਜੀਵਨ ਵਿਚ ਵੀ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਏਗੀ ਅਤੇ ਅਸੀਂ ਮਾਨਸਿਕ ਬਿਮਾਰੀਆਂ ਤੋਂ ਇਲਾਵਾ ਕੁਝ ਸਰੀਰਕ ਰੋਗਾਂ ਤੋਂ ਬਚ ਸਕਾਂਗੇ ਜੋ ਕਿ ਕਾਫੀ ਹੱਦ ਤੱਕ ਅਸੀਂ ਆਪ ਮੁਹਾਰੇ ਸਹੇੜ ਲਏ ਹਨ ।
ਮਨੁੱਖੀ ਸੁਭਾਅ ਹੈ ਕਿ ਸੇਵਾ ਵੀ ਕਰਨੀਂ ਤੇ ਓਹ ਵੀ ਮਨਮਰਜ਼ੀ ਦੀ । ਭਾਵ ਕਿ ਸਾਨੂੰ ਆਪਣੇ ਆਲੇ ਦੁਆਲੇ ਅਖੰਡ ਪਾਠ ਕਰਵਾਉਣ ਵਾਲੇ, ਸੋਨਾ ਚੜ੍ਹਾਉਣ ਵਾਲੇ, ਏ.ਸੀ. ਲਗਵਾਉਣ ਦੀ ਸੇਵਾ ਕਰਨ ਵਾਲੇ, ਗਲੀਚੇ-ਦਰੀਆਂ ਆਦਿ ਦੇਣ ਵਾਲੇ ਤਾਂ ਅਨੇਕਾਂ ਸੱਜਣ ਮਿਲ ਜਾਣਗੇ ਪਰ ਗੁਰਬਾਣੀ ਸੁਣਨ ਜਾਂ ਕਮਾਉਣ ਵਾਲੇ ਵਿਰਲੇ ਹੀ ਮਿਲਣਗੇ । ਸਾਡੇ ਆਲ੍ਹੇ-ਦੁਆਲੇ ਗੁਰਦੁਆਰਿਆਂ ਵਿਚ ਏ.ਸੀ, ਹਾਲ ਤਾਂ ਬਣ ਗਏ, ਸੁੰਦਰ ਇਮਾਰਤਾਂ ਵੀ ਬਣ ਗਈਆਂ, ਰਾਗੀ ਅਤੇ ਪ੍ਰਚਾਰਕ ਵੀ ਆ ਗਏ ਪਰ ਰੋਜ਼ਾਨਾ ਸੰਗਤ ਵਿਚ ਮੇਰੇ ਵਰਗੇ ਘੱਟ ਹੀ ਬੈਠੇ ਮਿਲਣਗੇ । ਹਾਲ ਖਾਲੀ ਹਨ । ਗੁਰਦੁਆਰਾ ਕਮੇਟੀਆਂ ਨੂੰ ਸੰਗਤ ਦਾ ਇਕੱਠ ਕਰਨ ਲਈ ਸੁਆਦਿਸ਼ਟ ਲੰਗਰ ਅਤੇ ਮਹਿੰਗੇ ਰਾਗੀ ਬੁਲਾਉਣੇ ਪੈਂਦੇ ਹਨ ।
ਸ਼ਾਇਦ ਇਸ ਵਿਅੰਗਮਈ ਕਹਾਣੀ ਤੋਂ ਸਾਨੂੰ ਕੁਝ ਸੇਧ ਮਿਲੇ । ਇਕ ਵਾਰ ਕਲਾਸ ਵਿਚ ਟੀਚਰ ਸਾਰੇ ਬੱਚਿਆਂ ਨੂੰ ਸੇਵਾ ਕਰਨ ਦੀ ਪ੍ਰੇਰਨਾ ਕਰਦਾ ਹੈ ਤੇ ਕਹਿੰਦਾ ਹੈ ਸਾਨੂ ਹਰ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਸੇ ਵੀ ਸੇਵਾ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ । ਇਕ ਬੱਚੇ ਨੇ ਉਦਾਹਰਣ ਪੁੱਛੀ । ਟੀਚਰ ਨੇ ਕਿਹਾ ਅੰਨ੍ਹੇ ਨੂੰ ਸੜਕ ਪਾਰ ਕਰਾਉਣਾ ਵੀ ਸੇਵਾ ਹੈ । ਅਗਲੇ ਦਿਨ ਜਦੋਂ ਟੀਚਰ ਨੇ ਵਿਦਿਆਰਥੀਆਂ ਤੋਂ ਸੇਵਾ ਬਾਰੇ ਪੁਛਿਆ ਤਾਂ ਹਰੇਕ ਬੱਚੇ ਨੇ ਕਿਹਾ ਕਿ ਮੈਂ ਅੰਨ੍ਹੇ ਨੂੰ ਸੜਕ ਪਾਰ ਕਰਵਾਈ ਹੈ । ਟੀਚਰ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਐਂਨੇ ਤਾਂ ਅੰਨ੍ਹੇ ਹੀ ਨਹੀਂ । ਤਾਂ ਬੱਚਿਆਂ ਨੇ ਕਿਹਾ ਕਿ ਅੰਨ੍ਹਾ ਤਾਂ ਇਕ ਹੀ ਸੀ, ਪਰ ਅਸੀਂ ਉਸ ਨੂੰ ਵਾਰੀ-ਵਾਰੀ ਸੜਕ ਦੇ ਇਧਰ-ਉਧਰ ਘੁਮਾਉਨਦੇ ਰਹੇ । ਸਾਡਾ ਹਾਲ ਵੀ ਕੁਝ ਅਜਿਹਾ ਹੀ ਹੈ । ਗੁਰੂ ਘਰਾਂ ਵਿਚ ਰੁਮਾਲੇ ਰੱਖਣ ਦੀ ਥਾਂ ਨਹੀਂ ਪਰ ਅਸੀਂ ਹਰੇਕ ਖੁਸ਼ੀ-ਗਮੀਂ ਦਾ ਮੌਕਾ ਰੁਮਾਲੇ ਚੜਾਉਣ ਤੋਂ ਬਿਨ੍ਹਾਂ ਅਧੂਰਾ ਸਮਝਦਾ ਹਾਂ ।
ਸਤਿਗੁਰੂ ਜੀ ਦਾ ਫੁਰਮਾਣ ਹੈ ‘ਦੇਖੌ ਭਾਈ ਗਿਆਨ ਕੀ ਆਈ ਆਂਧੀ ॥ ਸਭੈ ਉਡਾਣੀ ਭਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ’ ਭਾਵ ਜਿਸ ਦਿਨ ਸਾਡੇ ਜੀਵਨ ਵਿਚ ਗਿਆਨ ਦੀ ਅੰਧੇਰੀ ਆ ਗਈ, ਉਦੌਂ ਅਗਿਆਨਤਾਂ ਤੇ ਪਖੰਡਵਾਦ ਵਾਲੇ ਕਰਮ ਖੰਭ ਲਾ ਕੇ ਉਢ ਜਾਣਗੇ । ਅਸੀਂ ਕੇਵਲ ਨਾਹਰੇ ਹੀ ਨਹੀਂ ਮਾਰਾਂਗੇ ਸਗੋਂ ਗੁਰੂ ਦੇ ਸ਼ਬਦ ਵੀਚਾਰ ਦੀ ਸੇਵਾ ਕਰਕੇ ਆਪਣਾ ਜੀਵਨ ਖੁਸ਼ਹਾਲ ਬਣਾਉਣ ਦਾ ਯਤਨ ਕਰਾਂਗੇ ।
ਗੁਰ ਜੀ ਦਾ ਫੁਰਮਾਨ ਹੈ ‘ਸਾ ਸੇਵਾ ਕੀਤੀ ਸਫ਼ਲ ਹੈ, ਜਿਤ ਸਤਿਗੁਰ ਕਾ ਮੰਨ ਮੰਨੇ ॥

ਅਮਨਪ੍ਰੀਤ ਸਿੰਘ-ਡਾਇਰੈਕਟਰ
(ਗੁਰਸਿੱਖ ਫ਼ੈਮਲੀ ਕਲੱਬ, ਲੁਧਿਆਣਾ)

Comments are closed.

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females