Latest News
Call Us for Membership
+91-96530-81481

ਅਸੰਤ ਸਮਾਜ ਦਾ ਮੋਦੀ ਦੇ ਹੱਕ ਵਿੱਚ ਨਿਤਰਨਾ, ਸਿੱਖੀ ਅਣਖ ਦੇ ਨਿਘਾਰ ਦਾ ਸਿਖਰ

ਪੰਜਾਬ ਦਾ ਸੱਤਾਧਾਰੀ ਬਾਦਲ ਦਲ, ਭਾਜਪਾ ਨਾਲ ਮਿਲ ਲੋਕ ਸਭਾ ਚੋਣਾਂ ਉਪਰੰਤ ਹਿੰਦੂ ਰਾਸ਼ਟਰ ਦੇ ਮੁੱਦਈ ਤੇ ਨਾਜ਼ੀ ਬ੍ਰਗੇਡ ਦੇ ਕਮਾਂਡਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਦੇਖਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਇਸ ਲਈ ਡੇਰੇਦਾਰ ਧੁੰਮੇ ਦੇ ਕਥਿਤ ਸੰਤ ਸਮਾਜ ਵੱਲੋਂ ਬਾਦਲ ਦਲ ਦੇ ਉਮੀਦਵਾਰਾਂ ਨੂੰ ਜਤਾਉਣ ਦਾ ਐਲਾਨ ਕਰਨਾ, ਸਪਸ਼ਟ ਰੂਪ ਵਿੱਚ ਮੋਦੀ ਦੇ ਹੱਕ ਵਿੱਚ ਨਿਤਰਨਾ ਹੈ। ਸੰਤ ਸਮਾਜ ਦਾ ਇਹ ਫੈਸਲਾ ਪੰਥਕ ਪਿਆਰ ਅਤੇ ਸਿੱਖੀ ਅਣਖ ਦੇ ਨਿਘਾਰ ਦਾ ਸਿੱਖਰ ਹੈ। ਕਿਉਂਕਿ, ਇਸ ਡੇਰੇਦਾਰ ਜੁੰਡਲੀ ਦਾ ਮੁਖੀ ਧੁੰਮਾ, ਆਪਣੇ ਆਪ ਨੂੰ ਉਸ ਮਹਾਨ ਜੋਧੇ ਤੇ ਕੌਮ ਦੇ ਅਣਖੀ ਜਰਨੈਲ ਬਾਬੇ ਭਿਡਰਾਂਵਾਲੇ ਦਾ ਵਾਰਸ ਅਖਵਾਉਂਦਾ ਹੈ, ਜਿਹੜਾ ਸਿੱਖ ਕੌਮ ਦੀ ਪ੍ਰਭੂਸੱਤਾ, ਅਣਖ ਅਤੇ ਇੱਕ ਵਖਰੀ ਪਹਿਚਾਣ ਲਈ ਭਾਰਤੀ ਫੌਜ਼ਾਂ ਨਾਲ ਲੜਦਾ ਸ਼ਹੀਦ ਹੋਇਆ ਸੀ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ਸੰਤ ਸਮਾਜ ਦੇ ਉਪਰੋਕਤ ਫੈਸਲੇ ਬਾਰੇ ਪ੍ਰਤੀਕ੍ਰਮ ਜਾਨਣਾ ਚਾਹਿਆ। ਉਨ੍ਹਾਂ ਦੱਸਿਆ ਕਿ ਭਾਜਪਾ ਪਾਰਟੀ ਉਸ ਕੱਟੜ ਹਿੰਦੂ ਜਮਾਤ (ਆਰ.ਐਸ.ਐਸ) ਦਾ ਰਾਜਨੀਤਕ ਵਿੰਗ ਹੈ, ਜਿਸ ਦੇ ਵਿਚਾਰਧਾਰਕ ਮੋਢੀ ਆਗੂ ਗੋਲਵਲਕਰ ਨੇ ਸਪਸ਼ਟਤਾ ਸਹਿਤ ਲਿਖਿਆ ਹੈ ਕਿ “ਭਾਰਤ ਵਿੱਚ ਘੱਟ ਗਿਣਤੀਆਂ ਨਾਲ ਨਿਬੜਣ ਦਾ ਠੀਕ ਹੱਲ ਓਹੀ ਹੈ, ਜਿਹੜਾ ਹਿਟਲਰ ਨੇ ਘੱਟ ਗਿਣਤੀ ਯਹੂਦੀਆਂ ਦਾ ਕੱਢਿਆ ਸੀ।” ਸਾਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਇਸ ਨੀਚ ਫਿਰਕੂ ਸੋਚ ਦਾ ਹੀ ਸਿੱਟਾ ਸੀ ਭਾਜਪਾ ਮੁਖੀ ਅਡਵਾਨੀ ਵੱਲੋਂ ਆਰੀਆ ਸਮਾਜੀ ਇੰਦਰਾ ਗਾਂਧੀ ਨੂੰ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਹਮਲਾਵਰ ਹੋਣ ਲਈ ਉਤਸ਼ਾਹਤ ਕਰਨਾ, ਲਲਕਾਰਨਾ ਅਤੇ ਫਿਰ ਹਮਲੇ ਉਪਰੰਤ ਵਾਜਪਾਈ ਵੱਲੋਂ ਉਸ ਨੂੰ ‘ਦੁਰਗਾ’ ਦੇ ਖ਼ਿਤਾਬ ਨਾਲ ਨਿਵਾਜਣਾ। ਜਾਚਕ ਨੇ ਕਿਹਾ ਕਿ ਇਹ ਸੱਚ ਹੁਣ ਚਿੱਟੇ ਦਿਨ ਵਾਂਗ ਨੰਗਾ ਹੈ ਕਿ ‘ਅਹਿੰਸਾ ਦੇ ਪੂਜਾਰੀ’ ਮੰਨੇ ਜਾਂਦੇ ਗਾਂਧੀ ਦੀ ਕਾਤਲ ਜਮਾਤ ਆਰ.ਐਸ.ਐਸ ਨੇ ਪਹਿਲਾਂ ਉਹਦੀ ਗੁਜਰਾਤ ’ਤੇ ‘ਹਿੰਸਾ ਦੇ ਮਸੀਹੇ’ ਬਣੇ ਮੋਦੀ ਦਾ ਕਬਜ਼ਾ ਕਰਾਇਆ। 1984 ਦੇ ਸਿੱਖ ਕਤਲਿਆਮ ਵਾਂਗ 2002 ਵਿਚ ਮੁਸਲਮਾਨਾਂ ਦਾ ਕਤਲਿਆਮ ਕਰਵਾ ਕੇ ਡਰਾਇਆ। ਅਯੁਧਿਆ ਦੀ ਬਾਬਰੀ ਮਸਜਿਦ ਨੂੰ ਢਾਹਿਆ ਤੇ ਹੁਣ ਉਹ ਬਾਕੀ ਦੀ ਰਹਿੰਦੀ ਕਸਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਪੂਰੀ ਕਰਨੀ ਚਹੁੰਦੀ ਹੈ। ਕਿਉਂਕਿ, ਹੁਣ ਉਹ ਗਾਂਧੀਵਾਦੀ ਸੈਕੂਲਰਇਜ਼ਮ ਦਾ ਘੁੰਡ ਚੁੱਕ ਕੇ ਨੱਚਣ ਲਈ ਤਿਆਰ ਹਨ। ਇਹੀ ਕਾਰਨ ਹੈ ਕਿ ਭਾਜਪਾ ਦਾ ਬਿਹਾਰੀ ਆਗੂ ਰਾਜਗਿਰੀ, ਮੋਦੀ ਦੇ ਵਿਰੋਧੀਆਂ ਨੂੰ ਸ਼ਰੇਆਮ ਪਾਕਿਸਤਾਨ ਭੇਜਣ ਦੀ ਗੱਲ ਕਰਦਾ ਹੈ। ਕਿੱਡਾ ਅਨਿਆਂ ਹੈ ਕਿ ਜੇ ਭਾਜਪਾਈ ਸੋਚ ਦੇ ਸਮਰਥਕ ਧੜੇ ‘ਹਿੰਦੂ, ਹਿੰਦੀ, ਹਿੰਦੋਸਤਾਨ’ ਦੇ ਨਾਰ੍ਹੇ ਲਾਉਣ ਤਾਂ ਉਹ ਦੇਸ਼ ਭਗਤ। ਪਰ, ਜੇ ਕੋਈ ਪੰਥਕ ਸੋਚ ਦਾ ਧਾਰਨੀ ‘ਸਿੱਖ ਸਟੇਟ’ ਜਾਂ ‘ਖ਼ਾਲਿਸਤਾਨ’ ਦੀ ਗੱਲ ਕਰੇ ਤਾਂ ਉਹ ਅਤਿਵਾਦੀ। ਇਸ ਲਈ ਸਪਸ਼ਟ ਹੈ ਘਟ ਗਿਣਤੀ ਕੌਮਾਂ ਦੇ ਜਿਹੜੇ ਸਵਾਰਥੀ ਆਗੂ ਇਸ ਵੇਲੇ ਮੋਦੀ ਦੇ ਸਮਰਥਕ ਬਣੇ ਬੈਠੇ ਹਨ, ਉਹ ਆਪਣੀ ਆਪਣੀ ਕੌਮ ਨਾਲ ਗਦਾਰੀ ਕਰ ਰਹੇ ਹਨ। ਪੰਥਪ੍ਰਸਤਾਂ ਨੂੰ ਚਾਹੀਦਾ ਹੈ ਐਸੇ ਲੋਕਾਂ ਨੂੰ ਮੂੰਹ ਨਾ ਲਾਉਣ ਅਤੇ ਆਪਣੀ ਵੋਟ ਦੀ ਵਰਤੋਂ ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਕਰਨ। ਕਿਉਂਕਿ, ਜੇ ਅਸੀਂ ਹੁਣ ਵੀ ਨਾ ਜਾਗੇ ਤੇ ਨਾ ਸੰਭਲੇ ਤਾਂ ਸਿੱਖਾਂ ਦਾ ਕੇਂਦਰੀ ਅਸਥਾਨ ਸ੍ਰੀ ਦਰਬਾਰ ਅੰਮ੍ਰਿਤਸਰ ਅਤੇ ਖ਼ਾਲਸੇ ਦੀ ਸਿਰਜਕ ਸੰਪੂਰਨਤਾ ਦਾ ਅਸਥਾਨ ਸ੍ਰੀ ਕੇਸ਼ਗੜ, ਅਨੰਦਪੁਰ ਸਾਹਿਬ ਭਾਜਪਾਈ ਛਤਰ-ਛਾਇਆ ਹੇਠ ਚਲੇ ਜਾਏਗਾ ਤੇ ਫਿਰ ਕੋਈ ਟਿਕਾਣਾ ਨਹੀਂ ਲੱਭੇਗਾ, ਸਿੱਖੀ ਨੂੰ ਬਚਾਉਣ ਦਾ। ਦੁਖ ਦੀ ਗੱਲ ਹੈ ਕਿ ਸਾਡੇ ਧਾਰਮਿਕ ਆਗੂ ਤੇ ਵਿਦਵਾਨ ਅਜੇ ਵੀ ਦੜ੍ਹ ਵੱਟੀ ਆਪਣੀਆਂ ਪਦ-ਪਦਵੀਆਂ ਦੇ ਸੁਖ ਅਰਾਮ ਭੋਗ ਰਹੇ ਹਨ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females